ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇ
HOSHIARPUR (ADESH PARMINDER SINGH) : ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਆਮ ਜਨਤਾ ਨੂੰ ਰਾਸ਼ਨ ਦੀ ਸਪਲਾਈ ਲਈ ਭਾਵੇਂ ਕਿ ਸ਼ਹਿਰਾਂ ਦੀਆਂ ਕੁੱਝ ਚੋਣਵੀਆਂ ਦੁਕਾਨਾਂ ਨੂੰ ਘਰੋ-ਘਰੀ ਰਾਸ਼ਨ ਸਪਲਾਈ ਦੀ ਸਰਕਾਰ ਵਲੋਂ ਪ੍ਰਵਾਨਗੀ ਦਿੱਤੀ ਹੋਈ ਹੈ ਜਿਸ ਨਾਲ਼ ਸ਼ਹਿਰਾਂ ਦੇ ਨਿਵਾਸੀਆਂ ਨੂੰ ਤਾਂ ਭਾਵੇਂ ਕੁੱਝ ਰਾਹਤ ਜ਼ਰੂਰ ਮਿਲੀ ਹੈ ਪਿੰਡਾਂ ਵਿੱਚ ਸਥਿੱਤ ਦੁਕਾਨਾਂ ਨੂੰ ਹੋਮ-ਡਲਿਵਰੀ ਕਰਨ ਦੀ ਛੋਟ ਨਾ ਦੇਣ ਕਾਰਣ ਜ਼ਿਲ੍ਹੇ ਦੇ ਕਰੀਬ 1400 ਤੋਂ ਵੱਧ ਪਿੰਡਾਂ ਵਿੱਚ ਰਹਿੰਦੇ ਲੱਗਭਗ 10 ਲੱਖ ਤੋਂ ਵੱਧ ਪੇਂਡੂ ਲੋਕ ਪਿਛਲੇ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸ ਰਹੇ ਹਨ।
ਡਾ. ਬੀ. ਆਰ. ਅੰਬੇਦਕਰ ਸੋਸ਼ਲ ਅਵੇਅਰਨੈੱਸ ਐਂਡ ਐਜੂਕੇਸ਼ਨ ਮਿਸ਼ਨ ਪੰਜਾਬ ਦੇ ਕਨਵੀਨਰਾਂ ਇੰਦਰ ਸੁਖਦੀਪ ਸਿੰਘ ਓਢਰਾ, ਮਨਜੀਤ ਸਿੰਘ ਦਸੂਹਾ, ਕੁਲਵੰਤ ਸਿੰਘ ਜਲੋਟਾ, ਅਜੇ ਨਈਅਰ, ਡਾ. ਇੰਦਰਜੀਤ ਸਿੰਘ, ਨਿਰਮਲ ਸਿੰਘ ਨਿਹਾਲਪੁਰ, ਮਨਜੀਤ ਸਿੰਘ ਮੋਰੀਆਂ, ਸਾਬਕਾ ਸਰਪੰਚ ਕੁਲਵੀਰ ਸਿੰਘ ਪੱਸੀ ਕੰਢੀ, ਸਾਬਕਾ ਸਰਪੰਚ ਮੱਖਣ ਸਿੰਘ ਜਲੋਟਾ ਆਦਿ ਨੇ ਪ੍ਰੈੱਸ-ਨੋਟ ਰਾਹੀਂ ਦੱਸਿਆ ਕਿ ਪਿੰਡਾਂ ਦੇ ਬਹੁਗਿਣਤੀ ਵਾਸੀ ਜਿਹੜੇ ਕਿ ਦਿਹਾੜੀਦਾਰ ਕਾਮੇ, ਗ਼ਰੀਬ ਖੇਤ ਮਜ਼ਦੂਰ ਅਤੇ ਛੋਟੇ ਕਿਸਾਨ ਹਨ ਅਤੇ ਜੋ ਕਿ ਸੋਸ਼ਲ-ਮੀਡੀਆ ਦੀ ਵਰਤੋਂ ਨਹੀਂ ਕਰਦੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਦੁਕਾਨਾਂ ਦੇ ਫ਼ੋਨ ਨੰਬਰ ਆਦਿ ਹੀ ਨਹੀਂ ਪਤਾ ਲੱਗੇ ਹਨ ਅਤੇ ਜੇਕਰ ਕੁੱਝ ਕੁ ਨੂੰ ਪਤਾ ਵੀ ਲੱਗਾ ਹੈ ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੁਕਾਨਾਂ ਦੇ ਨੰਬਰ ਆਮ ਤੌਰ ਉੱਤੇ ਹਰ ਸਮੇਂ ਰੁੱਝੇ ਹੀ ਰਹਿੰਦੇ ਹਨ ਅਤੇ ਦੂਸਰਾ ਸ਼ਹਿਰਾਂ ਦੇ ਦੁਕਾਨਾਂ ਵਾਲ਼ੇ ਵੀ ਦੂਰੀ ਅਤੇ ਆਵਾਜਾਈ ਉੱਤੇ ਆਏ ਖ਼ਰਚੇ ਕਾਰਣ ਵਸਤਾਂ ਦੀ ਲਾਗਤ ਵਧਣ ਦੇ ਡਰੋਂ ਪਿੰਡਾਂ ਨੂੰ ਵਸਤਾਂ ਦੀ ਡਲਿਵਰੀ ਕਰਨ ਤੋਂ ਕੰਨੀ ਕਤਰਾਉਂਦੇ ਹਨ। ਇਸ ਕਾਰਣ ਪਿੰਡਾਂ ਦੇ ਲੋਕ ਜ਼ਰੂਰੀ ਰਾਸ਼ਨ ਅਤੇ ਦਵਾਈਆਂ ਦੀ ਭਾਰੀ ਥੋੜ੍ਹ ਮਹਿਸੂਸ ਕਰਦਿਆਂ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਸ਼ਹਿਰੋਂ ਆਉਂਦੇ ਰਸਤਿਆਂ ਉੱਤੇ ਨਜ਼ਰਾਂ ਟਿਕਾਈ ਸ਼ਹਿਰੋਂ ਆਉਣ ਵਾਲੇ ਰਾਸ਼ਨ ਅਤੇ ਦਵਾਈਆਂ ਦੀ ਪਿਛਲੇ 6 ਦਿਨਾਂ ਤੋਂ ਬੜੀ ਬੇਸਬਰੀ ਨਾਲ਼ ਉਡੀਕ ਕਰ ਰਹੇ ਹਨ।
ਡਾ. ਅੰਬੇਦਕਰ ਮਿਸ਼ਨ ਪੰਜਾਬ ਦੇ ਕਨਵੀਨਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਅਤੇ ਖੇਤਾਂ ਵਿੱਚ ਸਥਿੱਤ ਡੇਰਿਆਂ ਦੇ ਨਿਵਾਸੀਆਂ ਦੀਆਂ ਜੀਵਨ ਬਸਰ ਦੀਆਂ ਲੋੜਾਂ ਦੀ ਪੂਰਤੀ ਲਈ ਪਿੰਡਾਂ ਵਿੱਚ ਸਥਿਤ ਕਰਿਆਨੇ ਦੀਆਂ ਦੁਕਾਨਾਂ, ਹੱਟੀਆਂ ਅਤੇ ਮੈਡੀਕਲ ਸਟੋਰਾਂ ਨੂੰ ਵੀ ਸ਼ਹਿਰਾਂ ਦੀ ਤਰਜ਼ ਉੱਤੇ ਪਿੰਡਾਂ ਦੇ ਘਰਾਂ ਅਤੇ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਡੇਰਿਆਂ ਉੱਤੇ ਕਰਫ਼ਿਊ ਦੌਰਾਨ ਵੀ ਰਾਸ਼ਨ ਅਤੇ ਜ਼ਰੂਰੀ ਦਵਾਈਆਂ ਦੀ ਹੋਮ-ਡਲਿਵਰੀ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਪੇਂਡੂ ਲੋਕ ਵੀ ਕਰਫ਼ਿਊ ਦੌਰਾਨ ਭੁੱਖੇ ਨਾ ਮਰਨ। ਇਸਦਾ ਇੱਕ ਹੋਰ ਵੱਡਾ ਫ਼ਾਇਦਾ ਇਹ ਵੀ ਹੋਵੇਗਾ ਕਿ ਆਮ ਤੌਰ ਉੱਤੇ ਪਿੰਡਾਂ ਦੀਆਂ ਇਨ੍ਹਾਂ ਛੋਟੀਆਂ-ਛੋਟੀਆਂ ਹੱਟੀਆਂ ਉਤੇ ਪਿੰਡਾਂ ਦੇ ਲੋਕਾਂ ਦਾ ਉਧਾਰ ਵੀ ਚਲਦਾ ਹੈ, ਜਿਸ ਕਾਰਣ ਕਰਫ਼ਿਊ ਕਾਰਣ ਮਜ਼ਦੂਰੀ ਨਾ ਮਿਲਣ ਕਾਰਣ ਜੇਬੋਂ ਖ਼ਾਲੀ ਗ਼ਰੀਬ ਦਿਹਾੜੀਦਾਰ ਕਾਮਿਆਂ ਨੂੰ ਏਥੋਂ ਉਧਾਰ ਰਾਸ਼ਨ ਵੀ ਮਿਲ ਜਾਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਿੰਡਾਂ ਦੇ ਸਬਜ਼ੀ ਕਾਸ਼ਤਕਾਰਾਂ ਨੂੰ ਵੀ ਸਬਜ਼ੀਆਂ ਦੀ ਹੋਮ ਡਲਿਵਰੀ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਤਾਜ਼ੀਆਂ ਸਬਜ਼ੀਆਂ ਵੀ ਮਿਲ ਸਕਣ ਅਤੇ ਸਬਜ਼ੀ ਉਤਪਾਦਕ ਕਿਸਾਨਾਂ ਦੀ ਉਪਜ ਵੀ ਖ਼ਰਾਬ ਨਾ ਹੋਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp