ਅੱਜ ਤੋਂ ਲੋਕਾਂ ਨੂੰ ਘਰ-ਘਰ ਦਵਾਈਆਂ ਦੀ ਹੋਵੇਗੀ ਸਪਲਾਈ-ਡਿਪਟੀ ਕਮਿਸ਼ਨਰ
ਰੈੱਡ ਕਰਾਸ ਦਫਤਰ ਵਲੋਂ ਜਿਲੇ ਅੰਦਰ ਮੋਬਾਇਲ ਵੈਨਾਂ ਰਾਹੀਂ ਐਮ.ਆਰ.ਪੀ ਦੇ ਰੇਟਾਂ ਤੋਂ 20 ਫੀਸਦ ਘੱਟ ਰੇਟਾਂ ਤੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਦਵਾਈਆਂ
ਗੁਰਦਾਸਪੁਰ, 28 ਮਾਰਚ ( ਅਸ਼ਵਨੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉਨਾਂ ਦੇ ਘਰਾਂ ਤਕ ਦਵਾਈਆਂ ਪੁਜਦੀਆਂ ਕਰਨ ਲਈ ਜਿਲਾ ਰੈੱਡ ਕਰਾਸ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਤਹਿਤ ਉਨਾਂ ਵਲੋਂ ਦਵਾਈਆਂ ਦੀ ਸਪਲਾਈ ਪੁਜਦਾ ਕੀਤੀ ਜਾਵੇਗੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਤੋ ਜਿਲੇ ਅੰਦਰ ਘਰ-ਘਰ ਦਵਾਈਆਂ ਪੁਜਦਾ ਕਰਨ ਲਈ ਚਾਰ ਮੋਬਾਈਲ ਵੈਨਾਂ ਭੇਜੀਆਂ ਜਾਣਗੀਆਂ ਅਤੇ ਐਮ.ਆਰ.ਪੀ ਰੇਟ ਤੋਂ 20 ਫੀਸਦ ਘੱਟ ਰੇਟਾਂ ਤੇ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਸੁਚਾਰੂ ਢੰਗ ਨਾਲ ਦੇਣ ਵਿਚ ਕਿਸੇ ਪ੍ਰਕਾਰ ਦੀ ਕੋਈ ਢਿੱਲਮੱਠ ਨਹੀਂ ਰੱਖੀ ਜਾਵੇਗੀ, ਜਿਸ ਲਈ ਸੰਬਧਿਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਜਿਲੇ ਅੰਦਰ ਕੁਝ ਖੇਤਰਾਂ ਵਿਚ ਦਵਾਈਆਂ ਲੋਕਾਂ ਤਕ ਨਹੀਂ ਪੁਹੰਚ ਰਹੀਆਂ ਹਨ ਜਾਂ ਮੈਡੀਕਲ ਸਟੋਰਾਂ ਵਲੋਂ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਦੇ ਮੱਦੇਨਜ਼ਰ ਜਿਲਾ ਰੈੱਡ ਕਰਾਸ ਰਾਹੀਂ ਲੋਕਾਂ ਤਕ ਦਵਾਈਆਂ ਦੀ ਸਪਲਾਈ ਭੇਜਣ ਦਾ ਫੈਸਲਾ ਲਿਆ ਗਿਆ ਹੈ ਅਤੇ ਰੋਜਾਨਾ ਕਰੀਬ 10 ਲੱਖ ਰੁਪਏ ਦੀਆਂ ਲੋਕਾਂ ਤਕ ਨਿਰੰਤਰ ਪਹੁੰਚਾਈਆਂ ਜਾਣਗੀਆਂ। ਉਨਾਂ ਇਕ ਵਾਰ ਫਿਰ ਮੈਡੀਕਲ ਸਟੋਰਾਂ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਔਖੀ ਘੜੀ ਵਿਚ ਲੋਕਾਂ ਦੀ ਲੁੱਟ ਖਸੁੱਟ ਨਾ ਕੀਤੀ ਜਾਵੇ ਬਲਕਿ ਸਮਾਜ ਦੀ ਭਲਾਈ ਲਈ ਬਿਹਤਰ ਰੋਲ ਨਿਭਾਇਆ ਜਾਵੇ।
ਜਿਕਰਯੋਗ ਹੈ ਕਿ ਜਿਲੇ ਵਿਚ ਕਰੀਬ 10-15 ਲੱਖ ਰੁਪਏ ਦੀਆਂ ਰੋਜਾਨਾਂ ਦਵਾਈਆਂ ਦੀ ਸੇਲ ਹੁੰਦੀ ਹੈ। ਪਰ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਕਿ ਮੈਡੀਕਲ ਸਟੋਰਾਂ ਵਲੋਂ ਦਵਾਈਆਂ ਦੀ ਵੱਧ ਕੀਮਤ ਵਸੂਲੀ ਜਾ ਰਹੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp