ਬਟਾਲਾ ਪੁਲਿਸ ਹੁਣ ਅਸਮਾਨ ਉਪਰੋਂ ਡਰੋਨ ਰਾਹੀਂ ਕਰੇਗੀ ਸ਼ਹਿਰ ਵਿੱਚ ਕਰਫਿਊ ਦੀ ਪਹਿਰੇਦਾਰੀ – ਐੱਸ.ਐੱਸ.ਪੀ. ਬਟਾਲਾ



ਮੁਹੱਲਿਆਂ ਵਿੱਚ ਤਾਸ਼, ਕ੍ਰਿਕਟ ਅਤੇ ਹੋਰ ਖੇਡਾਂ ਖੇਡਣ ਜਾਂ ਇਕੱਠ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ


ਕਰਫਿਊ ਦੀ ਉਲੰਘਣਾ ਕਰਨ ਵਾਲੇ ਨੂੰ ਹੋ ਸਕਦੀ ਹੈ 2 ਸਾਲ ਤੱਕ ਦੀ ਕੈਦ


ਪੁਲਿਸ ਨੇ ਬਹੁ-ਤਕਨੀਕੀ ਕਾਲਜ ਬਟਾਲਾ ਦੇ ਸਟੇਡੀਅਮ ਨੂੰ ਓਪਨ ਜੇਲ੍ਹ ਬਣਾਇਆ


ਬਟਾਲਾ, 5 ਅਪ੍ਰੈਲ (ਸੰਜੀਵ,ਅਵਿਨਾਸ਼) – ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਬਟਾਲਾ ਪੁਲਿਸ ਵਲੋਂ ਹੁਣ ਅਸਮਾਨ ਉਪਰੋਂ ਡਰੋਨ ਰਾਹੀਂ ਬਟਾਲਾ ਸ਼ਹਿਰ ਵਿੱਚ ਕਰਫਿਊ ਦੀ ਪਹਿਰੇਦਾਰੀ ਕੀਤੀ ਜਾਵੇਗੀ। ਇਸ ਡਰੋਨ ਰਾਹੀਂ ਖਾਸ ਕਰਕੇ ਮੁਹੱਲਿਆਂ ਵਿੱਚ ਤਾਸ਼, ਕ੍ਰਿਕਟ ਅਤੇ ਹੋਰ ਖੇਡਾਂ ਖੇਡਣ ਜਾਂ ਇਕੱਠ ਕਰਨ ਵਾਲਿਆਂ ਉੱਪਰ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ ਅਤੇ ਜਿਥੇ ਕਿਤੇ ਵੀ ਅਜਿਹਾ ਵਰਤਾਰਾ ਦੇਖਣ ਨੂੰ ਮਿਲਿਆ ਤਾਂ ਤੁਰੰਤ ਪੁਲਿਸ ਫੋਰਸ ਭੇਜ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ। ਅੱਜ ਬਟਾਲਾ ਪੁਲਿਸ ਵਲੋਂ ਸ਼ਹਿਰ ਉਪਰ ਡਰੋਨ ਉਡਾਇਆ ਗਿਆ ਅਤੇ ਕਰਫਿਊ ਦੀ ਪਹਿਰੇਦਾਰੀ ਕੀਤੀ ਗਈ।
ਡਰੋਨ ਰਾਹੀਂ ਬਟਾਲਾ ਸ਼ਹਿਰ ਵਿੱਚ ਕੀਤੀ ਜਾ ਰਹੀ ਪਹਿਰੇਦਾਰੀ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਕਰਫਿਊ ਕੋਰੋਨਾ ਨਾਮ ਦੀ ਇੱਕ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਲਗਾਇਆ ਗਿਆ ਅਤੇ ਅਜਿਹੇ ਵਿੱਚ ਇਹ ਬਹੁਤ ਜਰੂਰੀ ਹੈ ਕਿ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਜੋ ਇਹ ਬਿਮਾਰੀ ਇੱਕ ਦੂਜੇ ਤੋਂ ਅੱਗੇ ਨਾ ਫੈਲ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਅਤੇ ਕਲੋਨੀਆਂ ਵਿੱਚ ਕੁਝ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਤਾਸ਼, ਕ੍ਰਿਕਟ ਅਤੇ ਹੋਰ ਖੇਡਾਂ ਖੇਡ ਰਹੇ ਹਨ ਜਾਂ ਬਿਨ੍ਹਾਂ ਵਜ੍ਹਾ ਇਕੱਠੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਹੁਣ ਪੂਰੇ ਸ਼ਹਿਰ ਦੀ ਅਸਮਾਨ ਉਪਰੋਂ ਨਜ਼ਰ ਰੱਖੀ ਜਾਵੇਗੀ ਅਤੇ ਜਿਸ ਮੁਹੱਲੇ ਜਾਂ ਕਲੋਨੀ ਵਿੱਚ ਲੋਕ ਘਰਾਂ ਤੋਂ ਬਾਹਰ ਹੋਣਗੇ ਉਥੇ ਤੁਰੰਤ ਪੁਲਿਸ ਫੋਰਸ ਭੇਜ ਕੇ ਘਰ ਤੋਂ ਬਾਹਰ ਆਏ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਜਿਹੜੇ ਵਿਅਕਤੀ ਕਰਫਿਊ ਦੀ ਉਲੰਘਣਾ ਕਰਨਗੇ ਉਨ੍ਹਾਂ ਖਿਲਾਫ 2005 ਦੇ ਆਪਦਾ ਪ੍ਰਬੰਧਨ ਐਕਟ ਤਹਿਤ, ਜਿਸ ਨੂੰ ਹੁਣ ਕੋਵਿਡ 19 ਵਾਇਰਸ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਸਾਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਦਾ ਪ੍ਰਬੰਧਨ ਐਕਟ ਤਹਿਤ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਕਰਿਫਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਵਲੋਂ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਨੂੰ ਆਰਜ਼ੀ ਓਪਨ ਜੇਲ੍ਹ ਘੋਸ਼ਿਤ ਕੀਤਾ ਗਿਆ ਹੈ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਸ ਓਪਨ ਜੇਲ੍ਹ ਵਿੱਚ ਰੱਖਿਆ ਜਾਵੇਗਾ।
ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਜਿਸ ਵਿਅਕਤੀ ਉੱਪਰ 2005 ਦੇ ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਹੋ ਗਿਆ ਉਸਨੂੰ ਭਵਿੱਖ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਜ਼ਾ ਹੋਣ ਤੋਂ ਇਲਾਵਾ ਉਸਦੇ ਲਾਇਸੈਂਸ ਰੱਦ ਹੋ ਸਕਦੇ ਹਨ ਅਤੇ ਪਾਸਪੋਰਟ ਬਣਨ ਵਿਚ ਅੜਚਨ ਆ ਸਕਦੀ ਹੈ। ਉਨ੍ਹਾਂ ਸਾਰੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਅਤੇ ਕਰਫਿਊ ਦੌਰਾਨ ਘਰਾਂ ਵਿਚੋਂ ਬਾਹਰ ਨਾ ਨਿਕਲਣ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply